ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ।ਕਿਰਤੀ ਕਿਸਾਨ ਯੂਨੀਅਨ ਨੇ ਆਲੂਆਂ ਦਾ ਘੱਟੋਂ ਘੱਟ ਸਮਰਥਨ ਮੁੱਲ 20 ਰੁਪਏ ਕਿੱਲੋ ਤਹਿ ਕਰਕੇ ਸਰਕਾਰੀ ਖਰੀਦ ਦੀ ਗਰੰਟੀ ਕਰਨ ਦੀ ਮੰਗ ਕੀਤੀ ਹੈ! ਆਗੂਆਂ ਕਿਹਾ ਕੇ ਪੰਜਾਬ ਵਿੱਚ ਕਰੀਬ 3 ਲੱਖ ਏਕੜ ਜਮੀਨ ਆਲੂਆਂ ਦੀ ਫਸਲ ਹੇਠ ਹੈ! ਆਲੂ ਪੰਜਾਬ ਦੀਆਂ ਪ੍ਰਮੁੱਖ ਫਸਲਾਂ ਚੋ ਇਕ ਹੈ!ਮੁਲਕ ਦਾ 60% ਕਰੀਬ ਆਲੂ ਬੀਜ ਦੇ ਰੂਪ ਚ ਪੰਜਾਬ ਚੋ ਵਰਤਿਆ ਜਾਂਦਾ ਹੈ!ਇਸ ਅਹਿਮ ਫਸਲ ਨੂੰ ਰੁਲਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ!
ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਮੋਗਾ ਦੇ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ,ਜਰਨਲ ਸਕੱਤਰ ਚਮਕੌਰ ਸਿੰਘ ਰੋਡੇ,ਪ੍ਰੈਸ ਸਕੱਤਰ ਜਸਮੇਲ ਸਿੰਘ ਰਾਜੇਆਣਾ ਨੇ ਕਿਹਾ ਕੇ ਇਸ ਸਾਲ ਗੰਨਾ, ਕਣਕ ਤੇ ਝੋਨੇ ਦਾ ਝਾੜ ਬਹੁਤ ਘੱਟ ਰਿਹਾ, ਉੱਪਰੋ ਹੜ੍ਹਾ ਦੀ ਮਾਰ ਪਈ, ਜਿਸ ਕਰਕੇ ਕਿਸਾਨੀ ਬਹੁਤ ਬੁਰੇ ਆਰਥਿਕ ਸੰਕਟ ਚ ਫਸ ਚੁੱਕੀ ਹੈ! ਹੁਣ ਆਲੂ 3 ਤੋਂ 5 ਰੁਪਏ ਦੇ ਦਰਮਿਆਨ ਵਿਕ ਰਿਹਾ, ਕਈ ਥਾਈਂ ਰੇਟ ਘੱਟ ਕਰਕੇ ਕਿਸਾਨਾਂ ਲਈ ਆਲੂ ਪੁੱਟਣ ਲਈ ਲੇਬਰ ਦੇ ਖਰਚੇ ਵੀ ਪੂਰੇ ਨਹੀਂ ਹੋਣੇ!
ਕਿਸਾਨ ਆਗੂਆ ਕਿਹਾ ਕੇ ਦੋ ਦਿਨ ਪਹਿਲਾਂ ਫਿਰੋਜ਼ਪੁਰ ਚ ਕਿਸਾਨ ਨੇ ਆਲੂਆਂ ਦੀ ਫਸਲ ਚ ਘਾਟੇ ਕਰਕੇ ਪਰਿਵਾਰ ਸਮੇਤ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ!ਜੋ ਕੇ ਬਹੁਤ ਮੰਦਭਾਗਾ ਹੈ! ਆਗੂਆਂ ਕਿਹਾ ਕੇ ਕੰਪਨੀਆਂ ਦੀ ਪਾਣੀ ਦੀ ਬੋਤਲ 20 ਰੁਪਏ ਲੀਟਰ ਵਿਕ ਰਹੀਂ ਤੇ ਆਲੂ 3 -4 ਰੁਪਏ,ਕਿਸਾਨਾਂ ਦੇ ਆਲੂ ਤੋਂ ਰੇਤਾ ਵੀ ਮਹਿੰਗਾ ਵਿਕ ਰਿਹਾ!
ਆਗੂਆਂ ਕਿਹਾ ਇਕ ਆਲੂ ਦਾ ਚਿਪਸ ਦਾ ਪੈਕਟ 20 ਰੁਪਏ ਤੇ ਕਿਸਾਨ ਕਈ ਥਾਈ ਆਲੂ ਜਮੀਨ ਚ ਵਾਹੁਣ ਲਈ ਮਜਬੂਰ ਹੋਣਗੇ!ਉਹਨਾਂ ਕਿਹਾ ਸਰਕਾਰ ਦੀਆਂ ਨੀਤੀਆਂ ਕਰਕੇ ਕਿਸਾਨਾਂ ਲਈ ਖੇਤੀ ਘਾਟੇ ਦਾ ਤੇ ਕਾਰਪੋਰੇਟ ਲਈ ਮੁਨਾਫ਼ੇ ਦਾ ਸਾਧਨ ਬਣ ਚੁੱਕਾ, ਇਸੇ ਲਈ ਖੇਤੀ ਖੇਤਰ ਕਾਰਪੋਰੇਟ ਹਵਾਲੇ ਕੀਤਾ ਜਾ ਰਿਹਾ ਤੇ ਕਿਸਾਨਾਂ ਨੂੰ ਬੇਸਹਾਰਾ ਛੱਡਿਆ ਜਾ ਰਿਹਾ! ਆਗੂਆਂ ਕਿਹਾ ਕੇ ਖੇਤੀ ਸੂਬਿਆਂ ਦਾ ਅਧਿਕਾਰ ਖੇਤਰ ਹੈ! ਪੰਜਾਬ ਸਰਕਾਰ ਘੱਟੋਂ ਘੱਟ ਸਮਰਥਨ ਮੁੱਲ ਦਾ ਵਾਅਦਾ ਕਰਕੇ ਸੱਤਾ ਚ ਆਈ ਸੀ,ਪਰ ਵਾਅਦਾ ਵਫ਼ਾ ਨਹੀਂ ਕੀਤਾ! ਪੰਜਾਬ ਸਰਕਾਰ ਘੱਟੋ ਘੱਟ ਆਲੂ, ਮਟਰ, ਗੋਭੀ ,ਬਾਸਮਤੀ ਤੇ ਮੂੰਗੀ ਦਾ ਸਮਰਥਨ ਮੁੱਲ ਤਹਿ ਕਰਕੇ ਖਰੀਦ ਦੀ ਗਰੰਟੀ ਕਰੇ, ਆਲੂਆਂ ਰੁਲਦਿਆਂ ਨੂੰ ਵੇਖਕੇ ਅੱਖਾਂ ਮੀਟਣ ਵਾਲੀ ਸਰਕਾਰ ਕਿਸਾਨ ਦੋਖੀ ਹੋਵੇਗੀ!
ਕਿਰਤੀ ਕਿਸਾਨ ਯੂਨੀਅਨ ਨੇ ਆਲੂਆਂ ਦੇ ਸਮਰਥਨ ਮੁੱਲ ਲਈ ਸੰਘਰਸ਼ ਵਿੱਢਣ ਦੀ ਤਿਆਰੀ ਕਰ ਲਈ ਹੈ ਤੇ ਇਸੇ ਸੰਦਰਭ ਵਿੱਚ 26 ਫਰਵਰੀ ਨੂੰ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਜਾਵੇਗਾ।
ਜਸਮੇਲ ਸਿੰਘ ਰਾਜਿਆਣਾ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 10 ਮਾਰਚ ਨੂੰ ਬਰਨਾਲਾ ਵਿਖੇ ਭਾਰਤ – ਅਮਰੀਕਾ ਵੱਲੋਂ ਫਰੀ ਟਰੇਡ ਸਮਝੌਤੇ ‘ਚ’ ਖੇਤੀ ਅਤੇ ਸਹਾਇਕ ਧੰਦਿਆਂ ਨੂੰ ਸ਼ਾਮਲ ਕਰਨ ਵਿਰੁੱਧ, ਪੰਜਾਬ ਵਿੱਚ ਪਾਣੀ ਦੇ ਗਹਿਰਾਉਦੇਂ ਸੰਕਟ ਦੀਆਂ ਆ ਰਹੀਆਂ ਰਿਪੋਰਟਾਂ ਜਿਸ ਅਨੁਸਾਰ ਜ਼ਮੀਨ ਹੇਠੋਂ ਖਤਮ ਹੁੰਦੇ ਜਾ ਰਹੇ ਪਾਣੀ ਅਤੇ ਉਸ ਵਿੱਚ ਸ਼ਾਮਲ ਜ਼ਹਿਰੀਲੇ ਤੱਤਾਂ, ਸੂਬੇ ਨਾਲ ਦਰਿਆਈਂ ਪਾਣੀਆਂ ਦੇ ਮਾਮਲੇ ਤੇ ਕੇਂਦਰ ਸਰਕਾਰ ਵੱਲੋਂ ਹੋਏ ਵਿਤਕਰੇ ਅਤੇ ਹੁਣ ਤੱਕ ਦੇ ਸਾਰੇ ਗੈਰ ਸੰਵਿਧਾਨਕ ਅਤੇ ਪੱਖਪਾਤੀ ਸਮਝੌਤੇ ਖਤਮ ਕਰਨ ਅਤੇ ਪਾਣੀ ਦੂਸ਼ਿਤ ਹੋਣ ਨਾਲ ਜੁੜੇ ਮੰਗਾਂ, ਮਸਲਿਆਂ ਸਮੇਤ ਕਿਸਾਨਾਂ, ਮਜ਼ਦੂਰਾਂ ਉੱਪਰ ਕਰਜ਼ੇ ਦੇ ਵੱਧਦੇ ਜਾਲ ਕਾਰਨ ਦਿਨੋ-ਦਿਨ ਗੰਭੀਰ ਹੋ ਰਹੀ ਸਥਿਤੀ ਉੱਪਰ ਨਿੱਠ ਕੇ ਵਿਚਾਰ ਵਟਾਂਦਰਾ ਕਰਕੇ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਅਮਰੀਕਾ ਨਾਲ ਕੀਤੇ ਜਾ ਰਹੇ ਸਮਝੌਤੇ ਲਈ ਕੇਂਦਰੀ ਵਣਜ ਮੰਤਰੀ ਪਿਯੂਸ਼ ਗੋਇਲ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਨ ਦੀ ਮੰਗ ਵੀ ਕੀਤੀ ਗਈ ਹੈ, ਇਸੇ ਤਹਿਤ ਕੀਤੇ ਜਾ ਰਹੇ ਸਮਝੌਤੇ ਦੇ ਵਿਰੋਧ ਵਿੱਚ ਵੱਡੀ ਪੱਧਰ ਤੇ 10 ਮਾਰਚ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਰੈਲੀ, ਜਿਸ ਵਿੱਚ ਮੋਗਾ ਜ਼ਿਲ੍ਹੇ ਤੋਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਦਾ ਜੱਥਾ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗਾ,10 ਮਾਰਚ ਦੀ ਰੈਲੀ ਦੀ ਸਫਲਤਾ ਲਈ ਪਿੰਡਾਂ ਅਤੇ ਬਲਾਕਾਂ ਵਿੱਚ ਮੀਟਿੰਗਾਂ, ਕੀਤੀਆਂ ਜਾਣਗੀਆਂ।
ਅੱਜ ਦੀ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇਖੁਰਦ, ਜ਼ਿਲ੍ਹਾ ਪ੍ਰੈਸ ਸਕੱਤਰ ਜਸਮੇਲ ਸਿੰਘ ਰਾਜਿਆਣਾ, ਵਿੱਤ ਸਕੱਤਰ ਕੁਲਜੀਤ ਸਿੰਘ ਪੰਡੋਰੀ, ਔਰਤ ਵਿੰਗ ਦੇ ਕਨਵੀਨਰ ਛਿੰਦਰਪਾਲ ਕੌਰ ਰੋਡੇਖੁਰਦ,ਯੂਥ ਆਗੂ ਬਲਕਰਨ ਸਿੰਘ ਵੈਰੋਕੇ, ਬੇਅੰਤ ਸਿੰਘ ਮੱਲੇਆਣਾ,ਤੀਰਥ ਸਿੰਘ ਘੱਲ ਕਲਾਂ, ਮੋਹਨ ਸਿੰਘ, ਅਵਤਾਰ ਸਿੰਘ ਡਾਲਾ, ਕਿਸਾਨ ਆਗੂ ਹਾਜ਼ਰ ਹੋਏ।

