ਜਨਗਣਨਾ ਦੌਰਾਨ ਦਲਿਤਾਂ ਪ੍ਰਤੀ ਵਰਤੇ ਗਏ ਜਾਤੀਸੂਚਕ ਅਪਸ਼ਬਦ ਦੀ ਮਾਲਵਿਕਾ ਸੂਦ ਵੱਲੋਂ ਸਖ਼ਤ ਸ਼ਬਦਾਂ ’ਚ ਨਿਖੇਧੀ

voice punjabtime
3 Min Read

ਪੰਜਾਬ ਸਰਕਾਰ ਵੱਲੋਂ ਭਲਾਈ ਯੋਜਨਾਬੰਦੀ ਨੂੰ ਬਿਹਤਰ ਬਣਾਉਣ ਲਈ ਕਰਵਾਈ ਜਾ ਰਹੀ ਨਸ਼ਾ ਅਤੇ ਸਮਾਜਿਕ-ਆਰਥਿਕ ਜਨਗਣਨਾ ਦੌਰਾਨ ਦਲਿਤਾਂ ਪ੍ਰਤੀ ਵਰਤੇ ਗਏ ਅਪਸ਼ਬਦ ਦੀ ਕਾਂਗਰਸ ਪਾਰਟੀ ਦੀ ਮੋਗਾ ਹਲਕਾ ਇੰਚਾਰਜ ਮਾਲਵਿਕਾ ਸੂਦ ਵੱਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਮਾਲਵਿਕਾ ਸੂਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਨਗਣਨਾ ਵਰਗੇ ਸੰਵੇਦਨਸ਼ੀਲ ਮਾਮਲੇ ਵਿੱਚ ਅਜਿਹੇ ਸ਼ਬਦ ਦੀ ਵਰਤੋਂ ਕਰਨਾ ਬਿਲਕੁਲ ਵੀ ਠੀਕ ਨਹੀਂ ਹੈ। ਉਨ੍ਹਾਂ ਦੋਸ਼ ਲਗਾਇਆ ਕਿਦਲਿਤਾਂ ਪ੍ਰਤੀ ਵਰਤੇ ਗਏ ਅਪਸ਼ਬਦ ਕਾਰਨ ਐਸ.ਸੀ ਭਾਈਚਾਰੇ ਦੇ ਮਾਨ-ਸਨਮਾਨ ਨੂੰ ਗਹਿਰੀ ਚੋਟ ਪਹੁੰਚਾਈ ਹੈ ਅਤੇ ਇਸ ਨਾਲ ਸਮਾਜ ਵਿਚ ਗਲਤ ਸੰਦੇਸ਼ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾਂ ਹੀ ਭਾਈਚਾਰੇਕ ਸਾਂਝ ਅਤੇ ਬਰਾਬਰੀ ਦਾ ਪ੍ਰਤੀਕ ਰਿਹਾ ਹੈ, ਜਿੱਥੇ ਹਰ ਵਰਗ ਨੂੰ ਇੱਜ਼ਤ ਨਾਲ ਜਿਉਣ ਦਾ ਹੱਕ ਹੈ। ਅਜਿਹੇ ਵਿਚ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਭਾਸ਼ਾ ਵਰਤਣਾ ਬਹੁਤ ਹੀ ਨਿੰਦਣਯੋਗ ਹੈ। ਮਾਲਵਿਕਾ ਸੂਦ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ‘ਤੇ ਵੀ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਸਰਕਾਰ ਦੀ ਐਸ.ਸੀ ਭਾਈਚਾਰੇ ਪ੍ਰਤੀ ਸੋਚ ਅਤੇ ਰਵੱਈਆ ਬੇਨਕਾਬ ਹੋ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਇਸ ਮਾਮਲੇ ਵਿਚ ਲਾਪਰਵਾਹੀ ਅਤੇ ਅਸੰਵੇਦਨਸ਼ੀਲਤਾ ਦਿਖਾਈ ਹੈ। ਉਨ੍ਹਾਂ ਮੰਗ ਕੀਤੀ ਕਿ ਜਨਗਣਨਾ ਵਿਚ ਵਰਤੇ ਗਏ ਇਸ ਸ਼ਬਦ ਨੂੰ ਤੁਰੰਤ ਪ੍ਰਭਾਵ ਨਾਲ ਹਟਾਇਆ ਜਾਵੇ ਅਤੇ ਭਵਿੱਖ ਵਿਚ ਇਸ ਤਰ੍ਹਾਂ ਦੀ ਗਲਤੀ ਦੁਬਾਰਾ ਨਾ ਹੋਵੇ, ਇਸ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਸ਼ਬਦ ਦਾ ਮਾਮਲਾ ਨਹੀਂ, ਸਗੋਂ ਪੂਰੇ ਭਾਈਚਾਰੇ ਦੀ ਇੱਜ਼ਤ ਅਤੇ ਅਸਮੀਤਾ ਨਾਲ ਜੁੜਿਆ ਮਾਮਲਾ ਹੈ। ਮਾਲਵਿਕਾ ਸੂਦ ਨੇ ਐਸ.ਸੀ ਕਮਿਸ਼ਨ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਲਿਆ। ਉਨ੍ਹਾਂ ਪੁੱਛਿਆ ਕਿ ਕੀ ਐਸ.ਸੀ ਕਮਿਸ਼ਨ ਇਸ ਮਾਮਲੇ ’ਤੇ ਕੋਈ ਕਾਰਵਾਈ ਕਰੇਗਾ ਜਾਂ ਫਿਰ ਇਸ ਗੰਭੀਰ ਮਾਮਲੇ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਤਰ੍ਹਾਂ ਦੇ ਮਾਮਲਿਆਂ ’ਤੇ ਤੁਰੰਤ ਧਿਆਨ ਦੇਵੇ ਅਤੇ ਨਿਆਂ ਯਕੀਨੀ ਬਣਾਏ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਹੀ ਹਰ ਵਰਗ ਦੇ ਹੱਕਾਂ ਦੀ ਰੱਖਿਆ ਲਈ ਅਡਿੱਗ ਰਹੀ ਹੈ ਅਤੇ ਐਸ.ਸੀ ਭਾਈਚਾਰੇ ਦੇ ਮਾਨ-ਸਨਮਾਨ ਨਾਲ ਕਿਸੇ ਵੀ ਤਰ੍ਹਾਂ ਦੀ ਸਮਝੌਤਾ ਨਹੀਂ ਹੋਣ ਦੇਵੇਗੀ। ਇਸ ਮਾਮਲੇ ਨੂੰ ਲੈ ਕੇ ਸਿਆਸੀ ਅਤੇ ਸਮਾਜਿਕ ਪੱਧਰ ’ਤੇ ਚਰਚਾ ਤੇਜ਼ ਹੋ ਗਈ ਹੈ। ਵੱਖ-ਵੱਖ ਵਰਗਾਂ ਵੱਲੋਂ ਇਸ ‘ਤੇ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਅਤੇ ਸਰਕਾਰ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪੰਜਾਬ ਸਰਕਾਰ ਅਤੇ ਸੰਬੰਧਿਤ ਅਧਿਕਾਰੀ ਇਸ ਮਾਮਲੇ ’ਤੇ ਕੀ ਕਦਮ ਚੁੱਕਦੇ ਹਨ।

Share This Article
Leave a comment

Leave a Reply

Your email address will not be published. Required fields are marked *