ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਵੱਲੋਂ ਰੈਂਪ ਸਕੀਮ ਅਧੀਨ ਮਗਸੀਪਾ ਪੰਜਾਬ ਦੇ ਸਹਿਯੋਗ ਨਾਲ ਜ਼ਿਲ੍ਹਾ ਮੋਗਾ ਦੀਆਂ ਖੇਤੀਬਾੜੀ ਸੰਦ-ਸਾਮਾਨ ਬਣਾਉਣ ਵਾਲੀਆਂ ਉਦਯੋਗਿਕ ਇਕਾਈਆਂ ਲਈ ਇੱਕ ਰੋਜ਼ਾ ਖੇਤਰ-ਵਿਸ਼ੇਸ਼ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਜ਼ਿਲ੍ਹਾ ਉਦਯੋਗ ਕੇਂਦਰ, ਮੋਗਾ ਵਿਖੇ ਕਰਵਾਈ ਗਈ।
ਵਰਕਸ਼ਾਪ ਦਾ ਮੁੱਖ ਉਦੇਸ਼ ਖੇਤੀਬਾੜੀ ਸੰਦ-ਸਾਮਾਨ ਖੇਤਰ ਨਾਲ ਸਬੰਧਤ ਐਮ ਐਸ ਐਮ ਈ ਇਕਾਈਆਂ ਨੂੰ ਆਧੁਨਿਕ ਤਕਨਾਲੋਜੀ, ਉਤਪਾਦਾਂ ਦੀ ਗੁਣਵੱਤਾ ਵਿੱਚ ਸੁਧਾਰ, ਟੈਸਟਿੰਗ, ਗੁਣਵੱਤਾ ਨਿਯੰਤਰਣ, ਸਰਟੀਫਿਕੇਸ਼ਨ, ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਪਹੁੰਚ, ਨਿਰਯਾਤ ਦੇ ਮੌਕਿਆਂ ਅਤੇ ਵੱਖ-ਵੱਖ ਸਰਕਾਰੀ ਸਹਾਇਤਾ ਸਕੀਮਾਂ ਬਾਰੇ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਸੀ।
ਇਸ ਮੌਕੇ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਮੋਗਾ ਸ. ਸੁਖਮਿੰਦਰ ਸਿੰਘ ਰੇਖੀ ਨੇ ਵਰਕਸ਼ਾਪ ਵਿੱਚ ਸ਼ਾਮਲ ਉਦਯੋਗਪਤੀਆਂ ਅਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਸਮਰੱਥਾ ਨਿਰਮਾਣ ਪ੍ਰੋਗਰਾਮ ਐਮ ਐਸ ਐਮ ਈ ਇਕਾਈਆਂ ਨੂੰ ਨਵੀਂ ਤਕਨਾਲੋਜੀ ਅਤੇ ਬਦਲਦੇ ਬਾਜ਼ਾਰ ਦੀਆਂ ਲੋੜਾਂ ਅਨੁਸਾਰ ਆਪਣੇ ਉਤਪਾਦਾਂ ਅਤੇ ਕਾਰਜ ਪ੍ਰਣਾਲੀ ਵਿੱਚ ਸੁਧਾਰ ਕਰਨ ਲਈ ਲਾਭਦਾਇਕ ਸਾਬਤ ਹੁੰਦੇ ਹਨ।
ਵਰਕਸ਼ਾਪ ਦੌਰਾਨ ਵਿਨੈ ਸ਼ਰਮਾ, ਡਿਪਟੀ ਡਾਇਰੈਕਟਰ, ਐਫ਼ ਆਈ ਈ ਓ ਵੱਲੋਂ ਆਧੁਨਿਕ ਖੇਤੀਬਾੜੀ ਮਸ਼ੀਨਰੀ, ਵਿਸ਼ਵ ਪੱਧਰੀ ਖੇਤੀਬਾੜੀ ਉਪਕਰਣ ਬਾਜ਼ਾਰਾਂ ਅਤੇ ਨਿਰਯਾਤ ਦੇ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਵੱਲੋਂ ਉਦਯੋਗਿਕ ਇਕਾਈਆਂ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਆਪਣੇ ਉਤਪਾਦ ਪਹੁੰਚਾਉਣ ਲਈ ਲੋੜੀਂਦੀ ਤਿਆਰੀ ਅਤੇ ਨਿਰਯਾਤ ਪ੍ਰਕਿਰਿਆ ਦੇ ਵੱਖ-ਵੱਖ ਪਹਿਲੂਆਂ ਬਾਰੇ ਵੀ ਜਾਣੂ ਕਰਵਾਇਆ ਗਿਆ।
ਇਸੇ ਤਰ੍ਹਾਂ ਸ਼ਿਵਮ ਅਹੁਜਾ, ਜੁਆਇੰਟ ਡਾਇਰੈਕਟਰ, ਬੀ ਆਈ ਐੱਸ ਚੰਡੀਗੜ੍ਹ ਵੱਲੋਂ ਉਤਪਾਦਾਂ ਦੀ ਜਾਂਚ, ਗੁਣਵੱਤਾ ਨਿਯੰਤਰਣ, ਟੈਸਟਿੰਗ ਅਤੇ ਪ੍ਰਮਾਣੀਕਰਨ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਬਿਊਰੋ ਆਫ਼ ਇੰਡੀਅਨ ਸਟੈਂਡਰਡ (ਬੀ ਆਈ ਐੱਸ) ਨਾਲ ਸਬੰਧਤ ਮਾਪਦੰਡਾਂ ਅਤੇ ਗੁਣਵੱਤਾ ਯਕੀਨੀ ਬਣਾਉਣ ਦੀ ਪ੍ਰਕਿਰਿਆ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਵਰਕਸ਼ਾਪ ਦੌਰਾਨ ਮਾਹਿਰਾਂ ਵੱਲੋਂ ਉਦਯੋਗਪਤੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਨੂੰ ਉਤਪਾਦਾਂ ਦੀ ਗੁਣਵੱਤਾ ਵਿੱਚ ਸੁਧਾਰ, ਟੈਸਟਿੰਗ ਅਤੇ ਸਰਟੀਫਿਕੇਸ਼ਨ, ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚ ਅਤੇ ਨਿਰਯਾਤ ਲਈ ਤਿਆਰੀ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ।
ਇਸ ਸਮਾਗਮ ਵਿੱਚ ਖੇਤੀਬਾੜੀ ਸੰਦ-ਸਾਮਾਨ ਖੇਤਰ ਨਾਲ ਸਬੰਧਤ ਉਦਯੋਗਿਕ ਇਕਾਈਆਂ ਤੋਂ ਇਲਾਵਾ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਅਤੇ ਸਬੰਧਤ ਵਿਭਾਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਇਸ ਮੌਕੇ ਮੋਗਾ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਜੇ.ਪੀ.ਐਸ. ਖੰਨਾ, ਮੋਗਾ ਨਾਨ ਪਾਵਰ ਸੋਪ ਐਸੋਸੀਏਸ਼ਨ ਅਤੇ ਐਸ ਪੀ ਵੀ ਦੇ ਪ੍ਰਧਾਨ ਸੁਭਾਸ਼ ਗਰੋਵਰ, ਜਨਰਲ ਸਕੱਤਰ ਅਜੀਤ ਪਾਲ ਸਿੰਘ, ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ, ਬਲਦੇਵ ਸਿੰਘ ਹੂੰਜਣ, ਸੁਖਦੇਵ ਸਿੰਘ, ਦਿਲਬਾਗ ਸਿੰਘ ਮਾਧੋਕੇ ਸਮੇਤ ਹੋਰ ਉਦਯੋਗਪਤੀ ਹਾਜ਼ਰ ਸਨ।
ਇਸ ਤੋਂ ਇਲਾਵਾ ਮਗਸੀਪਾ ਚੰਡੀਗੜ੍ਹ ਦੀ ਟੀਮ, ਜ਼ਿਲ੍ਹਾ ਰੋਜ਼ਗਾਰ ਦਫ਼ਤਰ ਤੋਂ ਸੋਨੀਆ ਬਾਜਵਾ ਅਤੇ ਲੀਡ ਬੈਂਕ ਤੋਂ ਲਖਵੀਰ ਕੌਰ ਸਮੇਤ ਹੋਰ ਸਬੰਧਤ ਅਧਿਕਾਰੀ ਅਤੇ ਨੁਮਾਇੰਦੇ ਵੀ ਮੌਜੂਦ ਰਹੇ।

