ਜ਼ਿਲ੍ਹਾ ਪ੍ਰਾਇਮਰੀ ਪੱਧਰੀ ਖੇਡਾਂ 2025–26 ਦਾ ਆਯੋਜਨ ਇਸ ਵਾਰ ਬਲਾਕ ਧਰਮਕੋਟ-1 ਦੇ ਖੇਡ ਮੈਦਾਨਾਂ ਵਿੱਚ ਮਿਤੀ 14, 15 ਅਤੇ 16 ਅਕਤੂਬਰ ਨੂੰ ਕੀਤਾ ਜਾ ਰਿਹਾ ਹੈ। ਇਸ ਵੱਡੇ ਖੇਡ ਸਮਾਰੋਹ ਵਿੱਚ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਪ੍ਰਾਇਮਰੀ ਸਕੂਲਾਂ ਦੇ ਚੁਣੇ ਹੋਏ ਵਿਦਿਆਰਥੀ ਵੱਖ-ਵੱਖ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ । ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਮੋਗਾ, ਸ਼੍ਰੀਮਤੀ ਮੰਜੂ ਭਾਰਦਵਾਜ ਨੇ ਖੇਡਾਂ ਦੇ ਮਹੱਤਵ ਬਾਰੇ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ “ਸਾਡੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਖੇਡਾਂ ਦਾ ਅਹਿਮ ਯੋਗਦਾਨ ਹੈ। ਖੇਡਾਂ ਬੱਚਿਆਂ ਵਿੱਚ ਸਰੀਰਕ ਤੰਦਰੁਸਤੀ, ਅਨੁਸ਼ਾਸਨ, ਸਹਿਯੋਗ ਦੀ ਭਾਵਨਾ ਅਤੇ ਜ਼ਿੰਦਗੀ ਜਿਉਣ ਦਾ ਸਲੀਕਾ ਪੈਦਾ ਕਰਦੀਆਂ ਹਨ। ਇਹ ਸਿਰਫ਼ ਮੁਕਾਬਲਿਆਂ ਦਾ ਮੰਚ ਨਹੀਂ, ਸਗੋਂ ਬੱਚਿਆਂ ਦੀ ਪ੍ਰਤਿਭਾ ਨੂੰ ਪਛਾਣਣ ਅਤੇ ਉਨ੍ਹਾਂ ਨੂੰ ਰਾਜ ਤੇ ਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਦਾ ਸਾਧਨ ਹਨ।” ਉਨ੍ਹਾਂ ਨੇ ਸਾਰੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ, ਸੈਂਟਰ ਸਕੂਲ ਮੁਖੀਆਂ, ਹੈੱਡ ਟੀਚਰ ਸਾਹਿਬਾਨ, ਅਧਿਆਪਕਾਂ ਅਤੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੂਰੇ ਜੋਸ਼, ਉਤਸ਼ਾਹ ਅਤੇ ਖੇਡ ਭਾਵਨਾ ਨਾਲ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਬੱਚਾ ਕਿਸੇ ਨਾ ਕਿਸੇ ਖੇਡ ਵਿੱਚ ਨਿਪੁੰਨ ਹੁੰਦਾ ਹੈ ਉਨ੍ਹਾਂ ਮੋਗਾ ਜ਼ਿਲ੍ਹੇ ਨੂੰ ਸਿੱਖਿਆ ਦੇ ਨਾਲ ਨਾਲ ਖੇਡਾਂ ਵਿੱਚ ਵੀ ਸਰਵੋਤਮ ਬਣਾਉਣ ਲਈ ਯਤਨਸ਼ੀਲ ਰਹਿਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨਿਸ਼ਾਨ ਸਿੰਘ ਸੰਧੂ ਨੇ ਕਿਹਾ ਕਿ ਖੇਡਾਂ ਦੁਆਰਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਅਤੇ ਮੰਚ ਪ੍ਰਦਾਨ ਕਰਨ ਦਾ ਇਹ ਉਪਰਾਲਾ ਨਿਸ਼ਚਤ ਤੌਰ ‘ਤੇ ਬੱਚਿਆਂ ਦੇ ਚੌਤਰਫ਼ੀ ਵਿਕਾਸ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਆਖ਼ਰ ‘ਚ ਮੰਜੂ ਭਾਰਦਵਾਜ ਜੀ ਨੇ ਸਭ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਖੇਡ ਸਿਰਫ਼ ਜਿੱਤ ਦੀ ਨਹੀਂ, ਸਿੱਖਣ ਤੇ ਵਿਕਾਸ ਦੀ ਪ੍ਰਕਿਰਿਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਖੇਡਣ, ਸਿੱਖਣ, ਜਿੱਤਣ ਤੇ ਮੋਗਾ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ।

