ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਸੰਗਰਾਵਾਂ ਵੱਲੋਂ ਪਿੰਡ ਰੋਡੇ ਵਿਖੇ ਗੁਰਦੁਆਰਾ ਸ੍ਰੀ ਕੀਰਤਨ ਪ੍ਰਕਾਸ਼ ਪਾਤਸ਼ਾਹੀ ਛੇਵੀਂ , ਸੰਤ ਬਾਬਾ ਕਿਰਪਾਲ ਸਿੰਘ ਵਾਲੇ ਇਤਹਾਸਕ ਗੁਰਦੁਆਰੇ ਵਿੱਚ ਹਫ਼ਤਾਵਾਰੀ ਗੁਰਮਤਿ ਸਮਾਗਮ ਅੱਜ ਸੰਪੰਨ ਹੋਇਆ ।ਉਨ੍ਹਾਂ ਇੱਥੇ ਸੰਗਤ ਨੂੰ ਗੁਰੂਆਂ ਵਲੋਂ ਦਿੱਤੀਆਂ ਕੁਰਬਾਨੀਆਂ,ਸਿੱਖਿਆਵਾਂ , ਤੇ ਗੁਰਮਤਿ ਸਿਧਾਂਤਾਂ ਅਨੁਸਾਰ ਚੱਲਣ ਤੇ ਜੀਵਨ ਕਾਇਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਸਮਾਜ ਤੇ ਸਮੂਚੀ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਰਛਾਇਆ ਹੇਠ, ਮੌਜੂਦਾ ਹਲਾਤਾਂ ਵਿੱਚ ਇਕੱਠੇ ਹੋਣ ਦੀ ਲੋੜ ਹੈ ਤਾਂ ਜੋ ਆਪਣੀ ਧਾਰਮਿਕ ਮਰਿਆਦਾ ਅਤੇ ਅਧਿਆਤਮਿਕਤਾ ਨੂੰ ਕਾਇਮ ਰੱਖਿਆ ਜਾ ਸਕੇ ਅਤੇ ਸਿੱਖ ਕੌਮ ਚੜ੍ਹਦੀ ਕਲਾ ਵਿੱਚ ਰਹੇ ।ਅੱਜ ਦੇ ਸਮੇਂ ਵਿੱਚ, ਜਦੋਂ ਕਿ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਚੁਣੌਤੀਆਂ ਵੱਧ ਰਹੀਆਂ ਹਨ, ਸਿੱਖਾਂ ਨੂੰ ਗੁਰਬਾਣੀ ਨਾਲ ਜੁੜਨ , ਸੱਚਾਈ, ਨਿਆਂ ਅਤੇ ਭਾਈਚਾਰਕ ਏਕਤਾ ਬਣਾਈ ਰੱਖਣਾ ਸਮੇਂ ਦੀ ਅਤਿਅੰਤ ਲੋੜ ਹੈ ।ਇਸ ਲਈ, ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਦੇ ਸਿਧਾਂਤਾਂ ‘ਤੇ ਚੱਲਦਿਆਂ ਅੰਮਿ੍ਰਤਧਾਰੀ ਹੋ ਕੇ ਨਿਤਨੇਮ ਦੇ ਧਾਰਨੀ ਬਣਨ । ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਸਰਲ ਅਤੇ ਸਪਸ਼ਟ ਸ਼ਬਦਾਂ ਵਿੱਚ ਦਰਸਾਏ ਸਿਧਾਂਤ , ਕਿਰਤ ਕਰੋ , ਨਾਮ ਜਪੋ ਤੇ ਵੰਡ ਛਕੋ ਨੂੰ ਅਪਣਾਉਣ ਦੀ ਜ਼ਰੂਰਤ ਹੈ,। ਇਸ ਮੌਕੇ ਉਹਨਾਂ ਪਿੰਡ ਰੋਡੇ ਦੇ ਮਹਾਨ ਸੁਤੰਤਰਤਾ ਸੰਗਰਾਮੀ ਸੰਤ ਬਾਬਾ ਕਿਰਪਾਲ ਸਿੰਘ ਜੀ ਵਲੋਂ ਪਿਛਲੇ ਸਮੇਂ ਦੌਰਾਨ ਨਿਭਾਈਆਂ ਧਾਰਮਿਕ ਸਰਗਰਮੀਆਂ ਤੇ ਕੌਮ ਦੀ ਕੀਤੀ ਨਿਸ਼ਕਾਮ ਸੇਵਾ ਦੀ ਖੂਬ ਪ੍ਰਸ਼ੰਸਾ ਕੀਤੀ । ਇਸ ਮੌਕੇ ਤੇ ਰਾਗੀ ਜੱਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ । ਦੀਵਾਨਾਂ ਦੀ ਸਮਾਪਤੀ ਉਪਰੰਤ ਗਿਆਨੀ ਰਾਮ ਸਿੰਘ ਸਮੇਤ ਜੱਥੇ ਸੰਤ ਬਾਬਾ ਕਿਰਪਾਲ ਸਿੰਘ ਜੀ ਦੇ ਜੱਦੀ ਘਰ ਵੀ ਪਹੁੰਚੇ । ਇਸ ਮੌਕੇ ਤੇ ਮਾਸਟਰ ਗੁਰਚਰਨ ਸਿੰਘ, ਸਵਰਨ ਸਿੰਘ,ਡਾਕਟਰ ਜਸਵਿੰਦਰ ਸਿੰਘ ਬਰਾੜ ਸੇਵਾ ਮੁਕਤ ਡਿਪਟੀ ਡਾਇਰੈਕਟਰ ਖੇਤੀਬਾੜੀ ਪੰਜਾਬ , ਮਨੋਹਰ ਸਿੰਘ, ਗੁਰਪ੍ਰੀਤ ਸਿੰਘ , ਭਾਈ ਦਲੀਪ ਸਿੰਘ ਇੰਗਲੈਂਡ ਵਾਲਿਆਂ ਤੋਂ ਇਲਾਵਾ ਦਮਦਮੀ ਟਕਸਾਲ ਜੱਥੇ ਦੇ ਸਿੰਘ ਤੇ ਪਰਿਵਾਰਕ ਮੈਂਬਰ ਹਾਜਰ ਸਨ ।

