ਪੰਜਾਬ ਸਰਕਾਰ ਘਰਾਂ ਦੇ ਨੇੜੇ ਮੁਫਤ ਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ-ਡਾ. ਅਮਨਦੀਪ ਕੌਰ ਅਰੋੜਾ

voice punjabtime
3 Min Read

 

ਪੰਜਾਬ ਸਰਕਾਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਆਮ ਆਦਮੀ ਕਲੀਨਿਕਾਂ ਰਾਹੀਂ ਆਮ ਲੋਕਾਂ ਨੂੰ ਡਾਕਟਰੀ ਜਾਂਚ, ਮੁਫ਼ਤ ਦਵਾਈਆਂ, ਲੋੜੀਂਦੇ ਲੈਬ ਟੈਸਟ ਅਤੇ ਸਿਹਤ ਸਲਾਹ ਵਰਗੀਆਂ ਸਹੂਲਤਾਂ ਇੱਕੋ ਛੱਤ ਹੇਠ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

 

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਅੱਜ ਮੋਗਾ ਦੇ ਬੇਅੰਤ ਨਗਰ ਵਿਖੇ ਨਵੇਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਮੌਕੇ ਕੀਤਾ।

 

ਉਹਨਾਂ ਡਾਕਟਰਾਂ ਤੇ ਸਟਾਫ਼ ਨਾਲ ਗੱਲਬਾਤ ਕਰਦਿਆਂ ਲੋਕਾਂ ਨੂੰ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਦੇ ਸ਼ੁਰੂ ਹੋਣ ਨਾਲ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਲੋਕਾਂ ਨੂੰ ਛੋਟੀਆਂ-ਮੋਟੀਆਂ ਬਿਮਾਰੀਆਂ ਦੇ ਇਲਾਜ ਲਈ ਦੂਰ ਨਹੀਂ ਜਾਣਾ ਪਵੇਗਾ ਅਤੇ ਉਨ੍ਹਾਂ ਦਾ ਸਮਾਂ ਤੇ ਖ਼ਰਚ ਦੋਵੇਂ ਬਚਣਗੇ। ਉਹਨਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ 106 ਤਰ੍ਹਾਂ ਦੀਆਂ ਦਵਾਈਆਂ ਅਤੇ 47 ਤਰ੍ਹਾਂ ਦੇ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ।

 

ਉਹਨਾਂ ਕਿਹਾ ਕਿ ਮੋਗਾ ਵਿਖੇ ਪਹਿਲਾਂ ਤੋਂ 35 ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਹੇ ਹਨ ਜਿਹਨਾਂ ਜਰੀਏ ਹੁਣ ਤੱਕ 64 ਹਜਾਰ ਤੋਂ ਵਧੇਰੇ ਲੋਕਾਂ ਨੇ ਲਾਹਾ ਲਿਆ ਹੈ ਅਤੇ ਇਹਨਾਂ ਜਰੀਏ ਲਗਭਗ 65000 ਟੈਸਟ ਮੁਫਤ ਕੀਤੇ ਜਾ ਚੁੱਕੇ ਹਨ।

 

 

ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਲੀਨਿਕ ਵਿੱਚ ਯੋਗ ਡਾਕਟਰ, ਨਰਸਿੰਗ ਸਟਾਫ਼ ਅਤੇ ਹੋਰ ਲੋੜੀਂਦਾ ਅਮਲਾ ਤਾਇਨਾਤ ਕੀਤਾ ਗਿਆ ਹੈ। ਕਲੀਨਿਕ ਵਿੱਚ ਵੱਖ-ਵੱਖ ਬਿਮਾਰੀਆਂ ਦੀ ਜਾਂਚ, ਮੁਫ਼ਤ ਦਵਾਈਆਂ ਅਤੇ ਨਿਰਧਾਰਤ ਲੈਬ ਟੈਸਟਾਂ ਦੀ ਸਹੂਲਤ ਉਪਲਬਧ ਹੋਵੇਗੀ।

 

 

ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਜ਼ਦੀਕੀ ਆਮ ਆਦਮੀ ਕਲੀਨਿਕ ਵਿੱਚ ਜਾ ਕੇ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਮੁਫ਼ਤ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਕਿਸੇ ਵੀ ਸਿਹਤ ਸਮੱਸਿਆ ਦੀ ਸਥਿਤੀ ਵਿੱਚ ਸਮੇਂ ਸਿਰ ਡਾਕਟਰੀ ਸਲਾਹ ਜ਼ਰੂਰ ਲੈਣ। ਉਹਨਾਂ ਕਿਹਾ ਕਿ ਸੂਬੇ ਭਰ ਵਿੱਚ ਆਮ ਆਦਮੀ ਕਲੀਨਿਕਾਂ ਰਾਹੀਂ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਅਤੇ ਲੋਕ-ਕੇਂਦਰਿਤ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਹਰ ਨਾਗਰਿਕ ਨੂੰ ਗੁਣਵੱਤਾ ਭਰੀ ਸਿਹਤ ਸੇਵਾ ਆਸਾਨੀ ਨਾਲ ਉਪਲਬਧ ਹੋ ਸਕੇ।

 

ਇਸ ਦੌਰਾਨ ਸਿਵਲ ਸਰਜਨ ਡਾ. ਅਸ਼ੋਕ ਸਿੰਗਲਾ, ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਰਿਤੂ ਜੈਨ, ਡਾ. ਸੰਜੀਵ ਗਾਬਾ, ਫੈਸੀਲਟੀ ਮੈਨੇਜਰ ਪੰਕਜ ਦੂਬੇ, ਡਾ. ਏਕਤਾ, ਕੌਂਸਲਰ ਦਵਿੰਦਰ ਸਿੰਘ ਤਿਵਾੜੀ ਪ੍ਰੇਮ ਚੱਕੀ ਵਾਲੇ, ਰਕੇਸ਼ ਕਾਲਾ ਬਜਾਜ ਆਦਿ ਮੌਜੂਦ ਸਨ।

 

 

 

Share This Article
Leave a comment

Leave a Reply

Your email address will not be published. Required fields are marked *