ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਦੀ ਅਗਵਾਈ ਵਿੱਚ ਡੀ. ਐੱਮ. ਕਾਲਜ ਆਫ ਐਜ਼ੂਕੇਸ਼ਨ, ਮੋਗਾ ਵਿਖੇ ਅੰਤਰ-ਰਾਸ਼ਟਰੀ ਯੁਵਕ ਦਿਵਸ ਮਨਾਇਆ ਗਿਆ, ਜਿਸ ਵਿਚ ਜ਼ਿਲ੍ਹੇ ਵਿਚ ਸਥਾਪਿਤ ਰੈਡ ਰਿਬਨ ਕਲੱਬ ਕਾਲਜਾਂ ਦੇ ਨੋਡਲ ਅਫਸਰਾਂ ਅਤੇ ਪੀਅਰ ਐਜੂਕੇਟਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੁੱਖ ਬੁਲਾਰੇ ਦੇ ਤੌਰ ਤੇ ਡਾ.ਸੁਰਜੀਤ ਸਿੰਘ ਦੌਧਰ (ਸਮਾਜਸੇਵੀ) ਨੇ ਨਸ਼ਿਆਂ ਵਰਗੀ ਭਿਆਨਕ ਬਿਮਾਰੀ ਜੋ ਕਿ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ, ਉਸ ਬਾਰੇ ਚਾਨਣਾ ਪਾਇਆ।ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਅੱਜ ਦੇ ਨੌਜਵਾਨ ਨਸ਼ਿਆਂ ਵਿੱਚ ਗ੍ਰਸਤ ਹੋ ਕੇ ਆਪਣੀ ਜਵਾਨੀ ਦਾ ਘਾਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਮੁਹਿੰਮ ਨੂੰ ਹੋਰ ਮਜਬੂਤ ਕਰਨ ਲਈ ਅਤੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਪੜ੍ਹੀ ਲਿਖੀ ਅਤੇ ਸੂਝਵਾਨ ਨੌਜਵਾਨ ਪੀੜ੍ਹੀ ਨੂੰ ਅਜਿਹੇ ਪ੍ਰੋਗਰਾਮਾਂ ਵਿਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਪ੍ਰੋਗਰਾਮ ਵਿੱਚ ਹਰੇਕ ਮੈਂਬਰ ਵੱਲੋਂ ਨਸ਼ਾ ਨਾ ਕਰਨ ਤੇ ਨਾ ਹੀ ਹੋਣ ਦੇਣ ਦਾ ਪ੍ਰਣ ਲਿਆ।
ਪ੍ਰੋਗਰਾਮ ਬੁਲਾਰੇ ਡਾ. ਦੀਪਕ ਕੁਮਾਰ ਨੇ ਏਡਜ਼ ਦੇ ਭਿਆਨਕ ਨਤੀਜਿਆਂ, ਏਡਜ਼ ਹੋਣ ਦੇ ਕਾਰਨਾਂ ਅਤੇ ਉਸਦੇ ਬਚਾਅ ਸਬੰਧੀ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਸਮਾਜ ਨੂੰ ਅਜਿਹੇ ਲੋਕਾਂ ਪ੍ਰਤੀ ਘ੍ਰਿਣਾ ਨਹੀਂ ਕਰਨੀ ਚਾਹੀਦੀ ਸਗੋਂ ਉਨ੍ਹਾਂ ਪ੍ਰਤੀ ਵੱਧ ਤੋਂ ਵੱਧ ਨਿਮਰਤਾ ਭਰਿਆ ਵਤੀਰਾ ਅਪਣਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਏਡਜ਼ ਦੀ ਬਿਮਾਰੀ ਨਾਲ ਸਬੰਧਿਤ ਲੱਛਣਾ ਅਤੇ ਇਲਾਜ ਸਬੰਧੀ ਭਰਪੂਰ ਜਾਣਕਾਰੀ ਸਾਂਝੀ ਕੀਤੀ।
ਇਸ ਦੇ ਨਾਲ ਹੀ ਤੀਸਰੇ ਬੁਲਾਰੇ ਡਾ. ਹਰਜੀਤ ਸਿੰਘ ਰਤਨ, ਲੁਧਿਆਣਾ ਨੇ ਖੂਨਦਾਨ-ਮਹਾਂਦਾਨ ਬਾਰੇ ਆਪਣੇ ਵਿਚਾਰ ਨੌਜਵਾਨਾਂ ਨਾਲ ਸਾਂਝੇ ਕੀਤੇ।ਉਹਨਾਂ ਦੱਸਿਆ ਕਿ ਖੂਨਦਾਨ ਕਰਨ ਨਾਲ ਕਿਸੇ ਵੀ ਲੋੜਵੰਦ ਦੀ ਜਾਨ ਬਚਾਈ ਜਾ ਸਕਦੀ ਹੈ ਅਤੇ ਇਸ ਦੇ ਨਾਲ ਨਾਲ ਆਪਣਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ।
ਅੰਤਰ ਰਾਸ਼ਟਰੀ ਯੁਵਕ ਦਿਵਸ ਮੌਕੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਸ ਸਮੇਂ ਸ. ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਮੋਗਾ ਨੇ ਵਿਭਾਗੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਾਲਜਾਂ ਵਿੱਚ ਕੰਮ ਕਰ ਰਹੀਆਂ ਰੈੱਡ ਰਿਬਨ ਕਲੱਬਾਂ ਵੱਲੋਂ ਨਸ਼ਿਆਂ, ਐੱਚ.ਆਈ.ਵੀ./ਏਡਜ਼, ਟੀ.ਬੀ ਤੋ ਬਚਾਅ ਅਤੇ ਖੂਨਦਾਨ ਸਬੰਧੀ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ।
ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਤਰਨਜੀਤ ਕੌਰ ਸਟੈਨੋ, ਐਡਵੋਕੇਟ ਗੁਰਪ੍ਰੀਤ ਸਿੰਘ ਅਤੇ ਰੈੱਡ ਰਿਬਨ ਕਲੱਬ ਦੇ ਨੋਡਲ ਅਫਸਰ ਡਾ. ਰਜਨੀ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਮੌਕੇ ਵੱਖ ਵੱਖ ਕਾਲਜਾਂ ਤੋਂ ਆਏ ਨੋਡਲ ਅਫਸਰ ਪ੍ਰੋ ਗੁਰਪ੍ਰੀਤ ਸਿੰਘ ਘਾਲੀ, ਪ੍ਰੋ. ਨੀਤੂ ਅਰੋੜਾ, ਪ੍ਰੋ ਅਵਨੀਤ ਕੌਰ, ਪ੍ਰੋ. ਜੋਸਫ, ਪ੍ਰੋ. ਕਿਰਨਜੀਤ ਕੌਰ, ਪਰਦੀਪ ਕੁਮਾਰ ਆਦਿ ਨੇ ਸ਼ਮੂਲੀ
ਅਤ ਕੀਤੀ।

