ਲੰਬਿਤ ਕੇਸਾਂ ਦੇ ਨਿਪਟਾਰੇ ਲਈ ਵਿਸ਼ੇਸ਼ ਮੀਡੀਏਸ਼ਨ ਮੁਹਿੰਮ “ਮੀਡੀਏਸ਼ਨ ਫਾਰ ਦ ਨੇਸ਼ਨ 3.0 ਸ਼ੁਰੂ

voice punjabtime
3 Min Read

 

 

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵੱਲੋਂ ਲੰਬਿਤ ਪਏ ਢੁਕਵੇਂ ਕੇਸਾਂ ਦਾ ਆਪਸੀ ਸਹਿਮਤੀ ਅਤੇ ਰਾਜੀਨਾਮੇ ਰਾਹੀਂ ਨਿਪਟਾਰਾ ਕਰਵਾਉਣ ਲਈ ਵਿਸ਼ੇਸ਼ ਮੀਡੀਏਸ਼ਨ ਮੁਹਿੰਮ “ਮੀਡੀਏਸ਼ਨ ਫਾਰ ਦ ਨੇਸ਼ਨ 3.0” ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੀਲਮ ਅਰੋੜਾ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਨੇ ਦੱਸਿਆ ਕਿ ਇਹ ਵਿਸ਼ੇਸ਼ ਮੁਹਿੰਮ 1 ਅਗਸਤ 2026 ਤੋਂ ਸ਼ੂਰੂ ਹੋ ਚੁੱਕੀ ਹੈ ਅਤੇ ਇਹ 31 ਦਸੰਬਰ 2026 ਤੱਕ ਚਲਾਈ ਜਾ ਰਹੀ ਹੈ।

 

 

 

ਉਨ੍ਹਾਂ ਦੱਸਿਆ ਕਿ ਸ਼੍ਰੀ ਜਸਟਿਸ ਵਿਕਰਮ ਨਾਥ, ਜੱਜ, ਭਾਰਤ ਦੀ ਸੁਪਰੀਮ ਕੋਰਟ ਅਤੇ ਚੇਅਰਮੈਨ, ਮੀਡੀਏਸ਼ਨ ਐਂਡ ਕੰਸੀਲੀਏਸ਼ਨ ਪ੍ਰੋਜੈਕਟ ਕਮੇਟੀ, ਨਵੀਂ ਦਿੱਲੀ ਵੱਲੋਂ ਦੇਸ਼ ਭਰ ਵਿੱਚ ਮੀਡੀਏਸ਼ਨ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨ ਅਤੇ ਢੁਕਵੇਂ ਲੰਬਿਤ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਵਾਉਣ ਦੇ ਉਦੇਸ਼ ਨਾਲ “ਮੀਡੀਏਸ਼ਨ ਫਾਰ ਦ ਨੇਸ਼ਨ 3.0” ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਅਦਾਲਤਾਂ ਵਿੱਚ ਲੰਬਿਤ ਪਏ ਅਜਿਹੇ ਮਾਮਲਿਆਂ ਨੂੰ ਮੀਡੀਏਸ਼ਨ ਰਾਹੀਂ ਸੁਲਝਾਉਣਾ ਹੈ।

 

 

 

ਨੀਲਮ ਅਰੋੜਾ ਨੇ ਕਿਹਾ ਕਿ ਮੀਡੀਏਸ਼ਨ ਵਿਵਾਦਾਂ ਦੇ ਸੁਖਾਵੇਂ ਅਤੇ ਸ਼ਾਂਤੀਪੂਰਨ ਨਿਪਟਾਰੇ ਦਾ ਪ੍ਰਭਾਵਸ਼ਾਲੀ ਸਾਧਨ ਹੈ। ਇਸ ਪ੍ਰਕਿਰਿਆ ਰਾਹੀਂ ਦੋਵੇਂ ਧਿਰਾਂ ਇੱਕ ਨਿਰਪੱਖ ਮੀਡੀਏਟਰ ਦੀ ਸਹਾਇਤਾ ਨਾਲ ਆਪਣੇ ਵਿਵਾਦ ਦਾ ਆਪਸੀ ਸਹਿਮਤੀ ਨਾਲ ਹੱਲ ਲੱਭ ਸਕਦੀਆਂ ਹਨ। ਇਸ ਨਾਲ ਨਾ ਸਿਰਫ਼ ਅਦਾਲਤੀ ਕਾਰਵਾਈ ਵਿੱਚ ਲੱਗਣ ਵਾਲੇ ਸਮੇਂ ਦੀ ਬੱਚਤ ਹੁੰਦੀ ਹੈ, ਸਗੋਂ ਧਿਰਾਂ ਦੇ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ।ਆਪਸੀ ਰਾਜੀਨਾਮੇ ਨਾਲ ਧਿਰਾਂ ਵਿਚਕਾਰ ਪੈਦਾ ਹੋਈ ਦੁਸ਼ਮਣੀ ਅਤੇ ਤਣਾਅ ਵੀ ਘਟਦਾ ਹੈ ਅਤੇ ਸਮਾਜ ਵਿੱਚ ਆਪਸੀ ਭਾਈਚਾਰਾ, ਸਦਭਾਵਨਾ ਅਤੇ ਸ਼ਾਂਤੀ ਨੂੰ ਉਤਸ਼ਾਹ ਮਿਲਦਾ ਹੈ।

 

 

 

ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ “ਮੀਡੀਏਸ਼ਨ ਫਾਰ ਦ ਨੇਸ਼ਨ 3.0” ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੇ ਅਜਿਹੇ ਲੰਬਿਤ ਕੇਸ, ਜੋ ਮੀਡੀਏਸ਼ਨ ਰਾਹੀਂ ਨਿਪਟਾਏ ਜਾ ਸਕਦੇ ਹਨ, ਆਪਸੀ ਸਹਿਮਤੀ ਅਤੇ ਰਾਜੀਨਾਮੇ ਨਾਲ ਖਤਮ ਕਰਵਾਉਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਵਿਵਾਦਾਂ ਦਾ ਸੁਖਾਵਾਂ ਨਿਪਟਾਰਾ ਨਾ ਸਿਰਫ਼ ਅਦਾਲਤਾਂ ’ਤੇ ਲੰਬਿਤ ਕੇਸਾਂ ਦਾ ਬੋਝ ਘਟਾਉਣ ਵਿੱਚ ਸਹਾਇਕ ਹੋਵੇਗਾ, ਬਲਕਿ ਆਮ ਲੋਕਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਨਿਆਂ ਪ੍ਰਦਾਨ ਕਰਨ ਵਿੱਚ ਵੀ ਮਦਦਗਾਰ ਸਾਬਤ ਹੋਵੇਗਾ।

 

 

 

ਉਨ੍ਹਾਂ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵੱਲੋਂ ਲੋਕਾਂ ਨੂੰ ਮੀਡੀਏਸ਼ਨ ਦੀ ਮਹੱਤਤਾ ਅਤੇ ਇਸ ਦੇ ਲਾਭਾਂ ਬਾਰੇ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ “ਮੀਡੀਏਸ਼ਨ ਫਾਰ ਦ ਨੇਸ਼ਨ 3.0” ਮੁਹਿੰਮ ਦਾ ਮਕਸਦ ਵੱਧ ਤੋਂ ਵੱਧ ਯੋਗ ਕੇਸਾਂ ਨੂੰ ਆਪਸੀ ਸਹਿਮਤੀ ਨਾਲ ਨਿਪਟਾ ਕੇ ਲੋਕਾਂ ਨੂੰ ਸਸਤਾ, ਸੁਖਾਲਾ ਅਤੇ ਸਮੇਂ ਸਿਰ ਨਿਆਂ ਮੁਹੱਈਆ ਕਰਵਾਉਣਾ ਹੈ।

Share This Article
Leave a comment

Leave a Reply

Your email address will not be published. Required fields are marked *