ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਵਿੱਚ ਸਾਫ਼-ਸਫ਼ਾਈ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਸਾਫ਼-ਸੁਥਰਾ ਤੇ ਸਿਹਤਮੰਦ ਵਾਤਾਵਰਣ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਜਾ ਰਹੀ ‘ਸਵੱਛ ਪੰਜਾਬ’ ਮੁਹਿੰਮ ਤਹਿਤ ਮੋਗਾ ਜ਼ਿਲ੍ਹੇ ਵਿੱਚ 29 ਅਗਸਤ ਤੋਂ 10 ਦਿਨਾਂ ਦੀ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾਵੇਗੀ। ਇਸ ਸਬੰਧੀ ਸਰਕਾਰੀ ਰੈਸਟ ਹਾਊਸ ਮੋਗਾ ਵਿਖੇ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਨਿਹਾਲ ਸਿੰਘ ਵਾਲਾ ਸ. ਮਨਜੀਤ ਸਿੰਘ ਬਿਲਾਸਪੁਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਵੱਲੋਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਇਹ 10 ਦਿਨਾਂ ਵਿਸ਼ੇਸ਼ ਮੁਹਿੰਮ ਜ਼ਿਲ੍ਹੇ ਦੇ ਨਗਰ ਨਿਗਮ ਮੋਗਾ, ਨਗਰ ਕੌਂਸਲ ਬਾਘਾਪੁਰਾਣਾ, ਨਗਰ ਕੌਂਸਲ ਧਰਮਕੋਟ ਅਤੇ ਨਗਰ ਪੰਚਾਇਤ ਬੱਧਨੀ ਕਲਾਂ, ਨਿਹਾਲ ਸਿੰਘ ਵਾਲਾ, ਕੋਟ ਈਸੇ ਖਾਂ ਅਤੇ ਫਤਿਹਗੜ੍ਹ ਪੰਜਤੂਰ ਵਿੱਚ ਚਲਾਈ ਜਾਵੇਗੀ। ਮੁਹਿੰਮ ਦੌਰਾਨ ਸ਼ਹਿਰਾਂ ਅਤੇ ਕਸਬਿਆਂ ਦੇ ਮੁੱਖ ਬਾਜ਼ਾਰਾਂ, ਸੜਕਾਂ, ਚੌਕਾਂ, ਜਨਤਕ ਥਾਵਾਂ, ਨਾਲੀਆਂ ਅਤੇ ਹੋਰ ਸਥਾਨਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਮੁਹਿੰਮ ਦੀ ਰਸਮੀ ਸ਼ੁਰੂਆਤ 29 ਅਗਸਤ ਨੂੰ ਸਵੇਰੇ 7 ਵਜੇ ਗੀਤਾ ਭਵਨ ਚੌਂਕ, ਮੋਗਾ ਤੋਂ ਕੀਤੀ ਜਾਵੇਗੀ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਥਾਨਕ ਸਰਕਾਰਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਫਾਈ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪਹਿਲਾਂ ਤੋਂ ਹੀ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਜਾਣ।
ਵਿਧਾਇਕ ਡਾ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਬਰਸਾਤੀ ਮੌਸਮ ਦੌਰਾਨ ਸਫਾਈ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਸਾਫ਼-ਸੁਥਰਾ ਵਾਤਾਵਰਣ ਜਿੱਥੇ ਸ਼ਹਿਰਾਂ ਦੀ ਸੁੰਦਰਤਾ ਵਿੱਚ ਵਾਧਾ ਕਰਦਾ ਹੈ, ਉੱਥੇ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਆਪਣੇ ਆਲੇ-ਦੁਆਲੇ ਸਫਾਈ ਬਣਾਈ ਰੱਖਣ।
ਵਿਧਾਇਕ ਸ. ਮਨਜੀਤ ਸਿੰਘ ਬਿਲਾਸਪੁਰ ਨੇ ਵੀ ਲੋਕਾਂ ਨੂੰ ‘ਸਵੱਛ ਪੰਜਾਬ’ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਫ਼-ਸੁਥਰੇ ਸ਼ਹਿਰ ਦੀ ਜ਼ਿੰਮੇਵਾਰੀ ਸਿਰਫ਼ ਸਰਕਾਰੀ ਵਿਭਾਗਾਂ ਦੀ ਨਹੀਂ, ਸਗੋਂ ਹਰੇਕ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਲੋਕਾਂ ਦੇ ਸਹਿਯੋਗ ਨਾਲ ਹੀ ਇਸ ਮੁਹਿੰਮ ਨੂੰ ਸਫਲ ਬਣਾਇਆ ਜਾ ਸਕਦਾ ਹੈ।
ਮੀਟਿੰਗ ਦੌਰਾਨ ਨਗਰ ਨਿਗਮ ਮੋਗਾ ਦੀ ਮੇਅਰ ਸ੍ਰੀਮਤੀ ਵਿਨੈਪਾਲ ਕੌਰ, ਐਸ.ਡੀ.ਐਮ. ਮੋਗਾ ਸ੍ਰੀ ਸਤਵਿੰਦਰਪਾਲ ਸਿੰਘ ਰਣੀਕੇ, ਐਸ.ਡੀ.ਐਮ. ਬਾਘਾਪੁਰਾਣਾ ਸ੍ਰੀ ਅਮਰੀਕ ਸਿੰਘ, ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਸ੍ਰੀ ਗਗਨਦੀਪ, ਐਸ.ਡੀ.ਐਮ. ਧਰਮਕੋਟ ਸ੍ਰੀ ਗੁਰਵਿੰਦਰ ਸਿੰਘ ਜੌਹਲ ਸਮੇਤ ਸਬੰਧਤ ਅਧਿਕਾਰੀ ਹਾਜ਼ਰ ਸਨ। ਅਧਿਕਾਰੀਆਂ ਵੱਲੋਂ ਮੁਹਿੰਮ ਦੌਰਾਨ ਕੀਤੇ ਜਾਣ ਵਾਲੇ ਸਫਾਈ ਕਾਰਜਾਂ, ਮਨੁੱਖੀ ਸਰੋਤਾਂ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

