ਅਗਨੀਵੀਰ ਫੌਜ ਦੀ ਭਰਤੀ ਰੈਲੀ ਦਾ ਕੰਪਿਊਟਰ ਬੇਸਿਜ ਲਿਖਤੀ ਪੇਪਰ ਜੂਨ-2026 ਨੂੰ ਹੋ ਰਿਹਾ ਹੈ, ਜਿਸ ਤਰ੍ਹਾਂ ਦਾ ਲਿਖਤੀ ਪੇਪਰ ਜੂਨ 2026 ਨੂੰ ਹੋਣਾ ਹੈ, ਉਸੇ ਤਰ੍ਹਾਂ ਹੀ ਲਿਖਤੀ ਪੇਪਰ ਦੀ ਤਿਆਰੀ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਕਰਵਾਈ ਜਾ ਰਹੀ ਹੈ। ਲਿਖਤੀ ਪੇਪਰ ਦੀ ਆਨਲਾਈਨ ਰਜਿਸਟਰੇਸ਼ਨ 1 ਅਪ੍ਰੈਲ 2026 ਤੱਕ www.joinindianarmy.nic.inਤੇ ਕਰਵਾਈ ਜਾ ਸਕਦੀ ਹੈ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਜਿਲ੍ਹਾ ਮੋਗਾ ਦੇ ਨੌਜਵਾਨ ਜਿਹੜੇ ਅਗਨੀਵੀਰ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਹਨ, ਉਹ ਨੌਜਵਾਨ ਆਪਣੀ ਆਨਲਾਈਨ ਰਜਿਸਟਰੇਸ਼ਨ ਕਰਵਾ ਕੇ ਲਿਖਤੀ ਪੇਪਰ ਦੀ ਤਿਆਰੀ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਆ ਕੇ ਕਰ ਸਕਦੇ ਹਨ।
ਕੈਂਪ ਵਿੱਚ ਆਉਣ ਸਮੇਂ ਦਸਵੀਂ ਦਾ ਅਸਲ ਸਰਟੀਫਿਕੇਟ, ਦਸਵੀਂ, ਪੰਜਾਬ ਵਸਨੀਕ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ, ਬੈਂਕ ਖਾਤੇ ਦੀ ਫੋਟੋ ਕਾਪੀ ਤੋਂ ਇਲਾਵਾ ਦੋ ਪਾਸਪੋਰਟ ਸਾਈਜ਼ ਫੋਟੋਆਂ, ਇੱਕ ਕਾਪੀ, ਇੱਕ ਪੈੱਨ, ਖਾਣਾ ਖਾਣ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ। ਉਹਨਾਂ ਕਿਹਾ ਕਿ ਨੌਜਵਾਨ ਦੀ ਉਮਰ ਸਾਢੇ 17 ਸਾਲ ਤੋਂ 22 ਸਾਲ ਤੱਕ ਹੋਵੇ, ਛਾਤੀ ਬਿਨ੍ਹਾਂ ਫੁਲਾ ਕੇ 77 ਸੈਂਟੀਮੀਟਰ ਤੇ ਫੁਲਾ ਕੇ 82 ਸੈਂਟੀਮੀਟਰ ਅਤੇ ਕੱਦ 5 ਫੁੱਟ 7 ਇੰਚ ਹੋਵੇ। ਨੌਜਵਾਨ ਘੱਟੋ-ਘੱਟ 10ਵੀਂ 45 ਫੀਸਦੀ ਅੰਕਾਂ ਨਾਲ ਪਾਸ ਹੋਵੇ ਜਾਂ 12ਵੀਂ ਪਾਸ ਹੋਵੇ। ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਅਤੇ ਸਰੀਰਿਕ ਤੇ ਲਿਖਤੀ ਪੇਪਰ ਦੀ ਤਿਆਰੀ ਦੀ ਕੋਈ ਵੀ ਫੀਸ ਨਹੀਂ ਲਈ ਜਾਵੇਗੀ ।
ਉਹਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 73476-66557 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।

