ਸਿੱਖਿਆ ਦੇ ਖੇਤਰ ਵਿੱਚ ਗੁਣਾਤਮਕ ਸੁਧਾਰ ਲਿਆਉਣ ਦੇ ਉਦੇਸ਼ ਨਾਲ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਚਲਾਏ ‘ਮਿਸ਼ਨ ਸਮਰੱਥ 3.0 ਤਹਿਤ ਜ਼ਿਲ੍ਹਾ ਮੋਗਾ ਦੇ ਸੈਲਫ ਨੌਮੀਨੇਟ ਕਰਨ ਵਾਲੇ 64 ਸਕੂਲਾਂ ਵਿੱਚੋਂ ਬੱਚਿਆਂ ਦੇ ਸਿੱਖਣ ਪੱਧਰ ਦੇ ਅਧਾਰ ਤੇ 11 ਸਕੂਲਾਂ ਦੀ ਚੋਣ ਕੀਤੀ ਗਈ। ਜਿਸਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਮੋਗਾ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੁਹਿੰਮ ਦੌਰਾਨ ਵਿਦਿਆਰਥੀਆਂ ਦੇ ਬੁਨਿਆਦੀ ਸਿੱਖਣ ਪੱਧਰ ਪੰਜਾਬੀ, ਅੰਗਰੇਜ਼ੀ ਅਤੇ ਗਣਿਤ ਵਿਸ਼ਿਆਂ ਵਿੱਚ ਬੱਚਿਆਂ ਦੇ ਸਿੱਖਣ ਦੇ ਪੱਧਰ ਨੂੰ ਚੈੱਕ ਕੀਤਾ ਗਿਆ। ਇਸ ਕਾਰਗੁਜ਼ਾਰੀ ਦੀ ਲੜੀ ਤਹਿਤ ਜ਼ਿਲ੍ਹੇ ਦੇ ਗਿਆਰਾਂ ਸਕੂਲਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਮਿਸ਼ਨ ਦੇ ਮਾਪਦੰਡਾਂ ‘ਤੇ ਖਰਾ ਉਤਰਦਿਆਂ ਸਭ ਤੋਂ ਬਿਹਤਰੀਨ ਨਤੀਜੇ ਪੇਸ਼ ਕੀਤੇ ਹਨ। ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਦੱਸਿਆ ਕਿ ਇਹ ਪ੍ਰਾਪਤੀ ਅਧਿਆਪਕਾਂ ਦੀ ਸਖ਼ਤ ਮਿਹਨਤ, ਵਿਭਾਗੀ ਤਾਲਮੇਲ ਅਤੇ ਵਿਦਿਆਰਥੀਆਂ ਦੇ ਸਿੱਖਣ ਪ੍ਰਤੀ ਉਤਸ਼ਾਹ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਸਾਡੀ ਮੁੱਖ ਤਰਜੀਹ ਹੈ ਅਤੇ ਮੋਗਾ ਜ਼ਿਲ੍ਹੇ ਇਹਨਾਂ ਸਕੂਲਾਂ ਦੀ ਪ੍ਰਾਪਤੀ ਬਾਕੀ ਸਕੂਲਾਂ ਲਈ ਵੀ ਇੱਕ ਪ੍ਰੇਰਨਾ ਸਰੋਤ ਬਣੇਗੀ। ਇਸ ਸਨਮਾਨ ਸਮਾਰੋਹ ਨੇ ਨਾ ਸਿਰਫ ਜੇਤੂ ਸਕੂਲਾਂ ਦਾ ਮਨੋਬਲ ਵਧਾਇਆ ਹੈ, ਬਲਕਿ ਜ਼ਿਲ੍ਹੇ ਵਿੱਚ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਇੱਕ ਨਵੀਂ ਊਰਜਾ ਦਾ ਸੰਚਾਰ ਵੀ ਕੀਤਾ ਹੈ। ਜ਼ਿਲ੍ਹਾ ਕੋਆਰਡੀਨੇਟਰ ਮੋਗਾ ਮਨਮੀਤ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਿਸ਼ਨ ਸਮਰੱਥ ਸਰਕਾਰ ਦੀ ਇੱਕ ਬਹੁਤ ਚੰਗੀ ਅਤੇ ਉਸਾਰੂ ਪਹਿਲ ਕਦਮੀ ਹੈ। ਜੋ ਆਪਣੇ ਟੀਚੇ ਦੇ ਸਿੱਖਣ ਪੱਧਰ ਤੋਂ ਪਿੱਛੇ ਰਹਿ ਰਹੇ ਵਿਦਿਆਰਥੀਆਂ ਉੱਪਰ ਵਿਸ਼ੇਸ਼ ਧਿਆਨ ਦੇ ਕੇ ਉਹਨਾਂ ਨੂੰ ਪੜ੍ਹਨ ਅਤੇ ਲਿਖਣ ਵਿੱਚ ਸਮਰੱਥ ਕਰਦਾ ਹੈ। ਇਸ ਮੌਕੇ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਹਰਦੇਵ ਸਿੰਘ, ਗੁਰਪ੍ਰੀਤ
ਸਿੰਘ, ਕੰਚਨ ਬਾਲਾ, ਸੁਨੀਤਾ ਨਾਰੰਗ ਅਤੇ ਵਰਿੰਦਰ ਕੌਰ ਨੇ ਸਨਮਾਨ ਪ੍ਰਾਪਤ ਕਰਨ ਵਾਲੇ ਸਕੂਲਾਂ ਦੇ ਮੁੱਖ ਅਧਿਆਪਕਾਂ ਅਤੇ ਸੈਂਟਰ ਹੈੱਡ ਟੀਚਰ ਨੂੰ ਵਧਾਈ ਦਿੱਤੀ।

