ਪਿੰਡ ਤਖ਼ਤੂਪੁਰਾ ਤੋਂ ਵੱਖ-ਵੱਖ ਲਿੰਕ ਸੜਕਾਂ ਦੇ ਬਰਮਾਂ ਪੂਰੀਆਂ ਕਰਨ ਦੀ ਮੁਹਿੰਮ ਸ਼ੁਰੂ

voice punjabtime
2 Min Read

 

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸ੍ਰੀ ਸਾਗਰ ਸੇਤੀਆ, ਡਿਪਟੀ ਕਮਿਸ਼ਨਰ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਦੇ ਸਹਿਯੋਗ ਨਾਲ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਅਧੀਨ ਪਿੰਡ ਤਖ਼ਤੂਪੁਰਾ ਤੋਂ ਨਿਕਲਣ ਵਾਲੀਆਂ ਵੱਖ-ਵੱਖ ਲਿੰਕ ਸੜਕਾਂ ਦੇ ਬਰਮਾਂ ਨੂੰ ਪੂਰਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਸ੍ਰੀ ਗਗਨਦੀਪ ਨੇ ਦੱਸਿਆ ਕਿ ਬਰਮਾਂ ਦੀ ਮੁਰੰਮਤ ਅਤੇ ਉਚਾਈ ਨੂੰ ਸੜਕ ਦੇ ਪੱਧਰ ਦੇ ਬਰਾਬਰ ਕਰਨ ਨਾਲ ਆਵਾਜਾਈ ਨੂੰ ਹੋਰ ਸੁਰੱਖਿਅਤ ਅਤੇ ਸੁਚਾਰੂ ਬਣਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਬਰਮਾਂ ਦੇ ਨੀਵੇਂ ਹੋਣ ਕਾਰਨ ਸੜਕ ਹਾਦਸਿਆਂ ਦੀ ਸੰਭਾਵਨਾ ਬਣੀ ਰਹਿੰਦੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕੰਮ ਤਰਜੀਹ ਦੇ ਆਧਾਰ ’ਤੇ ਕਰਵਾਇਆ ਗਿਆ ਹੈ।

 

ਐਸ.ਡੀ.ਐਮ. ਨੇ ਦੱਸਿਆ ਕਿ ਮੰਡੀ ਬੋਰਡ, ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.), ਗ੍ਰਾਮ ਪੰਚਾਇਤਾਂ ਅਤੇ ਸਥਾਨਕ ਪ੍ਰਸ਼ਾਸਨ ਦੇ ਆਪਸੀ ਤਾਲਮੇਲ ਅਤੇ ਸਹਿਯੋਗ ਨਾਲ ਇਹ ਕੰਮ ਸਮੇਂ ਸਿਰ ਮੁਕੰਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਅਤੇ ਬਿਹਤਰ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਕੰਮ ਜਾਰੀ ਰਹਿਣਗੇ।

 

ਐਸ.ਡੀ.ਐਮ. ਸ੍ਰੀ ਗਗਨਦੀਪ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਦੇ ਬਰਮਾਂ ਉੱਪਰ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਕਟਾਈ ਜਾਂ ਨੁਕਸਾਨ ਨਾ ਹੋਣ ਦੇਣ ਅਤੇ ਜੇਕਰ ਕਿਸੇ ਥਾਂ ਅਜਿਹੀ ਗਤੀਵਿਧੀ ਨਜ਼ਰ ਆਵੇ ਤਾਂ ਤੁਰੰਤ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ। ਉਨ੍ਹਾਂ ਕਿਹਾ ਕਿ ਸੜਕਾਂ ਅਤੇ ਜਨਤਕ ਸੰਪਤੀ ਦੀ ਸੁਰੱਖਿਆ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਸ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।

 

ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵਿਕਾਸ ਕਾਰਜਾਂ ਦੀ ਸੰਭਾਲ ਅਤੇ ਸੁਰੱਖਿਆ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਲੋਕ ਭਲਾਈ ਦੇ ਇਹ ਕੰਮ ਲੰਮੇ ਸਮੇਂ ਤੱਕ ਆਮ ਜਨਤਾ ਦੇ ਕੰਮ ਆ ਸਕਣ।

Share This Article
Leave a comment

Leave a Reply

Your email address will not be published. Required fields are marked *