ਅੱਜ ਦੇਸ਼ ਭਰ ਦੇ ਸਕੂਲਾਂ ਵਿੱਚ ਪੰਜਾਬ ਦੇ ਪਹਿਲੇ ਸਥਾਨ ਤੇ ਆਉਣ ਕਾਰਨ ਜ਼ਿਲ੍ਹਾ ਮੋਗਾ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ “ਮੈਗਾ ਮਾਪੇ-ਅਧਿਆਪਕ ਮਿਲਣੀ (Mega PTM)” ਪੂਰੇ ਉਤਸ਼ਾਹ ਅਤੇ ਸਿੱਖਿਆ ਦੇ ਮਹਾਂ ਜਸ਼ਨ ਵਜੋਂ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਮੋਗਾ ਮੈਡਮ ਮੰਜੂ ਭਾਰਦਵਾਜ ਵੱਲੋਂ ਵਿਸ਼ੇਸ਼ ਤੌਰ ‘ਤੇ ਸਰਕਾਰੀ ਪ੍ਰਾਇਮਰੀ ਸਕੂਲ, ਬੁੱਘੀਪੁਰਾ ਦਾ ਵਿਜਿਟ ਕੀਤਾ ਗਿਆ। ਇਸ ਮੌਕੇ ਉਨ੍ਹਾਂ ਹਾਜ਼ਰ ਮਾਪਿਆਂ ਨਾਲ ਵਿਸ਼ੇਸ਼ ਤੌਰ ‘ਤੇ ਪੰਜਾਬ ਸਰਕਾਰ ਦੀਆਂ ਵਿਦਿਅਕ ਪ੍ਰਾਪਤੀਆਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਚੱਲ ਰਹੀ ਸਿੱਖਿਆ ਕ੍ਰਾਂਤੀ ਨੇ ਸਰਕਾਰੀ ਸਕੂਲਾਂ ਦੀ ਬਦਲੀ ਨਕਸ਼ ਨੁਹਾਰ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਭਰ ਦੇ ਸਰਕਾਰੀ ਸਕੂਲ ਆਧੁਨਿਕ ਸਮਾਰਟ ਕਲਾਸਰੂਮਾਂ, ਉੱਚ-ਦਰਜੇ ਦੇ ਬੁਨਿਆਦੀ ਢਾਂਚੇ ਅਤੇ ਹਰ ਤਰ੍ਹਾਂ ਦੀਆਂ ਖੇਡ ਸਹੂਲਤਾਂ ਨਾਲ ਲੈਸ ਹੋ ਚੁੱਕੇ ਹਨ। ਸਰਕਾਰ ਵੱਲੋਂ ਰਿਕਾਰਡ ਸਮੇਂ ਵਿੱਚ ਹਜ਼ਾਰਾਂ ਯੋਗ ਅਤੇ ਮਿਹਨਤੀ ਅਧਿਆਪਕਾਂ ਦੀ ਪਾਰਦਰਸ਼ੀ ਢੰਗ ਨਾਲ ਭਰਤੀ ਕੀਤੀ ਗਈ ਹੈ, ਇਸ ਤੋਂ ਇਲਾਵਾ, ਹਰ ਵਿਦਿਆਰਥੀ ਨੂੰ ਸਮੇਂ ਸਿਰ ਉੱਚ-ਗੁਣਵੱਤਾ ਵਾਲੀਆਂ ਮੁਫ਼ਤ ਕਿਤਾਬਾਂ, ਵਰਦੀਆਂ ਅਤੇ ਪੌਸ਼ਟਿਕ ਮਿਡ-ਡੇ-ਮੀਲ , ਯੋਗ ਵਿਦਿਆਰਥੀਆਂ ਲਈ ਵਜ਼ੀਫ਼ੇ ਮੁਹੱਈਆ ਕਰਵਾਏ ਜਾ ਰਹੇ ਹਨ ।’ਸਕੂਲਜ਼ ਆਫ਼ ਹੈੱਪੀਨੈੱਸ’ ਵਰਗੇ ਵਿਸ਼ਵ-ਪੱਧਰੀ ਸਕੂਲਾਂ ਦੀ ਸਥਾਪਨਾ ਨੇ ਆਮ ਪਰਿਵਾਰਾਂ ਦੇ ਬੱਚਿਆਂ ਲਈ ਉੱਚ ਸਿੱਖਿਆ ਦੇ ਰਾਹ ਖੋਲ੍ਹ ਦਿੱਤੇ ਹਨ, ਜਿਸ ਸਦਕਾ ਅੱਜ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਪਛਾੜ ਕੇ ਮੱਲਾਂ ਮਾਰ ਰਹੇ ਹਨ।
ਉਨ੍ਹਾਂ ਕਿਹਾ ਕਿ ਖੇਡ-ਖੇਡ ਅਤੇ ਨਵੀਨਤਮ ਗਤੀਵਿਧੀਆਂ ਰਾਹੀਂ ਬੱਚਿਆਂ ਦੀ ਭਾਸ਼ਾਈ ਅਤੇ ਅੰਕਗਣਿਤ ਯੋਗਤਾ ਨੂੰ ਮਾਪਿਆਂ ਦੇ ਸਾਹਮਣੇ ਬਾਖ਼ੂਬੀ ਪੇਸ਼ ਕੀਤਾ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਬੁਘੀਪੁਰਾ ਵਿਖੇ ਹੋਏ ਇਸ ਭਰਵੇਂ ਸਮਾਗਮ ਦੌਰਾਨ ਪਹੁੰਚੇ ਮਾਪਿਆਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ। ਸਮਾਗਮ ਦੇ ਅੰਤ ਵਿੱਚ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਸਿੱਖਿਆ ਕ੍ਰਾਂਤੀ ਦੇ ਸੁਨੇਹੇ ਨੂੰ ਘਰ-ਘਰ ਪਹੁੰਚਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨੂੰ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸਕੂਲ ਮੁਖੀ ਜਤਿੰਦਰ ਕੌਰ, ਮਨਜੀਤ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਸਨ

