‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਪੰਜਾਬ ਦੇ ਨੌਜਵਾਨਾਂ ਅਤੇ ਲੋਕਾਂ ਨੂੰ ਖੇਡਾਂ ਨਾਲ ਜੋੜਨ, ਖੇਡ ਭਾਵਨਾ ਨੂੰ ਪ੍ਰਫੁੱਲਤ ਕਰਨ ਅਤੇ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਸਤੰਬਰ ਤੋਂ 18 ਸਤੰਬਰ, 2026 ਤੱਕ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਖਿਡਾਰੀ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਡ ਮੁਕਾਬਲਿਆਂ ਲਈ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਦੌਰਾਨ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ, ਇਸ ਲਈ ਸਬੰਧਤ ਵਿਭਾਗਾਂ ਨੂੰ ਢੁੱਕਵੇਂ ਪ੍ਰਬੰਧ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦੀ ਰਜਿਸਟ੍ਰੇਸ਼ਨ sports.punjab.gov.in ’ਤੇ ਜਾਰੀ ਹੈ। ਇਸ ਤੋਂ ਇਲਾਵਾ ਜਿਹੜੇ ਖਿਡਾਰੀ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੇ, ਉਹ ਮੌਕੇ ’ਤੇ ਵੀ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਮੁਕਾਬਲਿਆਂ ਵਿੱਚ ਭਾਗ ਲੈ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਨਿਹਾਲ ਸਿੰਘ ਵਾਲਾ ਦੇ ਲੜਕਿਆਂ ਦੇ ਮੁਕਾਬਲੇ 9 ਸਤੰਬਰ ਨੂੰ ਅਤੇ ਲੜਕੀਆਂ ਦੇ ਮੁਕਾਬਲੇ 10 ਸਤੰਬਰ ਨੂੰ ਅਕਾਲੀ ਕਰਤਾਰ ਸਿੰਘ ਸਟੇਡੀਅਮ, ਬਿਲਾਸਪੁਰ ਵਿਖੇ ਕਰਵਾਏ ਜਾਣਗੇ। ਇਸੇ ਤਰ੍ਹਾਂ ਬਲਾਕ ਕੋਟ ਈਸੇ ਖਾਂ ਦੇ ਲੜਕਿਆਂ ਦੇ ਮੁਕਾਬਲੇ 11 ਸਤੰਬਰ ਅਤੇ ਲੜਕੀਆਂ ਦੇ ਮੁਕਾਬਲੇ 12 ਸਤੰਬਰ ਨੂੰ ਸ਼ਹੀਦ ਜੈਮਲ ਸਿੰਘ ਸੀਨੀਅਰ ਸੈਕੰਡਰੀ ਸਕੂਲ, ਘਲੋਟੀ ਵਿਖੇ ਹੋਣਗੇ।
ਬਲਾਕ ਧਰਮਕੋਟ ਦੇ ਲੜਕਿਆਂ ਦੇ ਮੁਕਾਬਲੇ 13 ਸਤੰਬਰ ਅਤੇ ਲੜਕੀਆਂ ਦੇ ਮੁਕਾਬਲੇ 14 ਸਤੰਬਰ ਨੂੰ ਐਸ.ਬੀ.ਆਰ.ਐਸ. ਗੁਰੂਕੁਲ ਮਹਿਣਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਣਾ ਅਤੇ ਜਗਤ ਸੇਵਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਹਿਣਾ ਵਿਖੇ ਕਰਵਾਏ ਜਾਣਗੇ।
ਬਲਾਕ ਬਾਘਾਪੁਰਾਣਾ ਦੇ ਲੜਕਿਆਂ ਦੇ ਮੁਕਾਬਲੇ 15 ਸਤੰਬਰ ਅਤੇ ਲੜਕੀਆਂ ਦੇ ਮੁਕਾਬਲੇ 16 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ.ਟੀ.ਬੀ. ਗੜ੍ਹ, ਖਾਲਸਾ ਗਰਾਊਂਡ ਸਟੇਡੀਅਮ ਰੋਡੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੇਆਣਾ ਵਿਖੇ ਹੋਣਗੇ।
ਇਸੇ ਤਰ੍ਹਾਂ ਬਲਾਕ ਮੋਗਾ ਦੇ ਲੜਕਿਆਂ ਦੇ ਮੁਕਾਬਲੇ 17 ਸਤੰਬਰ ਅਤੇ ਲੜਕੀਆਂ ਦੇ ਮੁਕਾਬਲੇ 18 ਸਤੰਬਰ ਨੂੰ ਗੁਰੂ ਨਾਨਕ ਕਾਲਜ ਮੋਗਾ ਅਤੇ ਗੋਧੇਵਾਲਾ ਇੰਡੋਰ ਸਟੇਡੀਅਮ ਵਿਖੇ ਕਰਵਾਏ ਜਾਣਗੇ।
ਮੁਕਾਬਲਿਆਂ ਵਿੱਚ ਅੰਡਰ-14, ਅੰਡਰ-17, ਅੰਡਰ-21, 21 ਤੋਂ 30 ਸਾਲ, 31 ਤੋਂ 40 ਸਾਲ, 41 ਤੋਂ 50 ਸਾਲ, 51 ਤੋਂ 60 ਸਾਲ, 61 ਤੋਂ 70 ਸਾਲ ਅਤੇ 70 ਸਾਲ ਤੋਂ ਵੱਧ ਉਮਰ ਦੇ ਵੈਟਰਨ ਵਰਗ ਦੇ ਖਿਡਾਰੀ ਭਾਗ ਲੈ ਸਕਣਗੇ। ਸਮੂਹ ਖਿਡਾਰੀਆਂ ਅਤੇ ਟੀਮਾਂ ਨੂੰ ਨਿਰਧਾਰਿਤ ਮਿਤੀ ਨੂੰ ਸਵੇਰੇ 8:00 ਵਜੇ ਸਬੰਧਤ ਖੇਡ ਮੈਦਾਨ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਉਣੀ ਹੋਵੇਗੀ। ਸਾਰੇ ਭਾਗੀਦਾਰਾਂ ਲਈ ਨਿਰਧਾਰਿਤ ਖੇਡ ਕਿੱਟ ਵਿੱਚ ਆਉਣਾ ਲਾਜ਼ਮੀ ਹੋਵੇਗਾ।
ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਜ਼ਿਲ੍ਹੇ ਦੇ ਸਮੂਹ ਖਿਡਾਰੀਆਂ ਨੂੰ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਪੱਧਰ ’ਤੇ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਸਰਕਾਰ ਵੱਲੋਂ ਨਗਦ ਇਨਾਮ ਵੀ ਪ੍ਰਦਾਨ ਕੀਤੇ ਜਾਣਗੇ, ਜਿਸ ਨਾਲ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਅਤੇ ਖੇਡਾਂ ਨਾਲ ਲਗਾਤਾਰ ਜੁੜੇ ਰ
ਹਿਣ ਲਈ ਉਤਸ਼ਾਹ ਮਿਲੇਗਾ।

