ਸੀ ਪੀ ਐਫ ਕਰਮਚਾਰੀ ਯੁਨੀਅਨ ਵੱਲੋਂ ਦਿੱਲੀ ਵਿਖੇ 1 ਮਈ ਨੂੰ ਹੋਣ ਵਾਲੀ ਰੈਲੀ ਨੂੰ ਅਚਾਨਕ ਸਥਗਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪ੍ਰਧਾਨ ਸ੍ਰੀ ਸੁਖਜੀਤ ਸਿੰਘ ਅਤੇ ਮੋਗਾ ਜ਼ਿਲ੍ਹਾ ਦੇ ਪ੍ਰਧਾਨ ਸ੍ਰੀ ਹਰਸ਼ ਕੁਮਾਰ ਗੋਇਲ ਨੇ ਦੱਸਿਆ ਕਿ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਬਣੇ ਸੰਵੇਦਨਸ਼ੀਲ ਹਾਲਾਤਾਂ ਅਤੇ ਸ਼ਹੀਦ ਹੋਏ ਲੋਕਾਂ ਦੇ ਸਨਮਾਨ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਰੈਲੀ ਕਰਮਚਾਰੀਆਂ ਦੀ ਮੁੱਖ ਮੰਗ ਪੁਰਾਣੀ ਪੈਂਸ਼ਨ ਦੀ ਪੂਰਨ ਰੂਪ ਵਿੱਚ ਬਹਾਲੀ ਨੂੰ ਲੈ ਕੇ ਆਯੋਜਿਤ ਕੀਤੀ ਜਾਣੀ ਸੀ , ਫਿਲਹਾਲ ਲਈ ਇਸ ਰੈਲੀ ਨੂੰ ਸਥਗਿਤ ਕੀਤਾ ਗਿਆ ਹੈ ਪਰ ਸੰਘਰਸ਼ ਦੀ ਰਣਨੀਤੀ ਵਿਚ ਕੋਈ ਕਮੀ ਨਹੀਂ ਆਵੇਗੀ। ਉਹਨਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਲੀ ਦੀ ਨਵੀਂ ਮਿਤੀ ਜਲਦ ਹੀ ਤੈਅ ਕਰਕੇ ਸਭ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਅਤੇ ਭਾਰਤ ਦੇਸ਼ ਦੇ ਕੋਨੇ ਕੋਨੇ ਵਿੱਚੋਂ ਇਕੱਠੇ ਹੋ ਕੇ ਆਪਣੀ ਗੱਲ ਦਿੱਲੀ ਵਿਖੇ ਮੁਲਾਜ਼ਮਾਂ ਦੇ ਹਿੱਤਾਂ ਨੂੰ ਲਗਾਤਾਰ ਅਣਦੇਖਿਆ ਕਰਨ ਵਾਲੀ ਕੇਂਦਰ ਸਰਕਾਰ ਮੂਹਰੇ ਰੱਖਣਗੇ।
ਸ੍ਰੀ ਸੁਖਜੀਤ ਸਿੰਘ ਨੇ ਅੱਗੇ ਕਿਹਾ ਕਿ ਕਰਮਚਾਰੀਆਂ ਦੇ ਹੱਕਾਂ ਦੀ ਲੜਾਈ ਬਦਸਤੂਰ ਜਾਰੀ ਰਹੇਗੀ ਅਤੇ ਯੂਨੀਅਨ ਹਰ ਮੰਚ ‘ਤੇ ਕਰਮਚਾਰੀਆਂ ਦੀਆਂ ਆਵਾਜ ਨੂੰ ਬੁਲੰਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀ 30 ਅਪ੍ਰੈਲ ਦਿਨ ਬੁੱਧਵਾਰ ਨੂੰ ਟਵਿੱਟਰ ਯਾਨੀ ਐਕਸ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਭਾਰਤ ਸਰਕਾਰ ਵਿਰੁੱਧ ਪੁਰਾਣੀ ਪੈਂਸ਼ਨ ਬਹਾਲੀ ਸਬੰਧੀ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਜਿਸ ਵਿੱਚ ਭਾਰਤ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਮੁਲਾਜ਼ਮ ਵਿਰੋਧੀ ਸੀਪੀਐਫ ਸਕੀਮ ਅਧੀਨ ਆਉਂਦੇ ਕਰਮਚਾਰੀ ਸ਼ਿਰਕਤ ਕਰਨਗੇ । ਸੀਪੀਐਫ ਕਰਮਚਾਰੀ ਯੁਨੀਅਨ ਮੋਗਾ ਜ਼ਿਲ੍ਹਾ ਦੇ ਪ੍ਰਧਾਨ ਹਰਸ਼ ਕੁਮਾਰ ਗੋਇਲ ਨੇ ਵੀ ਕਰਮਚਾਰੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਅਪਣੀ ਇਕਜੁੱਟਤਾ ਬਰਕਰਾਰ ਰੱਖਣ ਅਤੇ ਯੂਨੀਅਨ ਦੇ ਹੁਕਮਾਂ ਦੀ ਪੂਰੀ ਪਾਲਣਾ ਕਰਨ ਅਤੇ ਨੇੜਲੇ ਭਵਿੱਖ ਵਿੱਚ ਤਿੱਖੇ ਸੰਘਰਸ਼ ਲਈ ਤਿਆਰ ਰਹਿਣ।
ਇਸ ਮੌਕੇ ਉਹਨਾਂ ਨੇ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਕਿ ਜੇਕਰ ਕਰਮਚਾਰੀਆਂ ਦੀ ਪੁਰਾਣੀ ਪੈਂਸ਼ਨ ਦੀ ਮੰਗ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਵੱਡਾ ਅਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।

