ਨਗਰ ਨਿਗਮ ਚੋਣਾਂ ਦੇ ਨਤੀਜਿਆਂ ਮਗਰੋਂ ਜਿਲ੍ਹਾ ਭਾਜਪਾ ਪ੍ਰਧਾਨ ਨੇ ਵਾਰਡ ਨੰਬਰ 21 ਤੋਂ ਭਾਜਪਾ ਉਮੀਦਵਾਰ ਅਜੇ ਕੁਮਾਰ ਵਿੱਕੀ ਸਿਤਾਰਾ, ਵਾਰਡ ਨੰਬਰ 23 ਤੋਂ ਯੋਗੇਸ਼ ਕੁਮਾਰ ਅਤੇ ਵਾਰਡ ਨੰਬਰ 24 ਤੋਂ ਹੇਮ ਲਤਾ ਨੂੰ ਜਿੱਤ ਦੀ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨੇ ਸਾਰੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਮਿਲਿਆ ਸਹਿਯੋਗ ਭਾਜਪਾ ਲਈ ਵੱਡੀ ਪ੍ਰੇਰਣਾ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਭਾਜਪਾ ਉਮੀਦਵਾਰ ਇਸ ਵਾਰ ਜਿੱਤ ਨਹੀਂ ਸਕੇ, ਉਨ੍ਹਾਂ ਨੂੰ ਮਾਯੂਸ ਹੋਣ ਦੀ ਕੋਈ ਲੋੜ ਨਹੀਂ। “ਮੇਰੇ ਲਈ ਉਹ ਵੀ ਜਿੱਤੂ ਹਨ, ਕਿਉਂਕਿ ਜਿਸ ਜਜ਼ਬੇ ਅਤੇ ਮਿਹਨਤ ਨਾਲ ਉਨ੍ਹਾਂ ਨੇ ਚੋਣ ਲੜੀ ਹੈ, ਉਹ ਆਪਣੇ ਆਪ ਵਿੱਚ ਕਾਮਯਾਬੀ ਤੋਂ ਘੱਟ ਨਹੀਂ,” ਉਨ੍ਹਾਂ ਨੇ ਕਿਹਾ।
ਉਨ੍ਹਾਂ ਨੇ ਉਮੀਦਵਾਰਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੂੰ ਵਾਰਡਾਂ ਵਿੱਚ ਡਟ ਕੇ ਮਿਹਨਤ ਕਰਨ ਅਤੇ ਲੋਕਾਂ ਦੇ ਕੰਮ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ। ਜਦੋਂ ਉਹ ਵਿਧਾਇਕ ਰਹੇ, ਉਸ ਸਮੇਂ ਵੀ ਉਮੀਦਵਾਰਾਂ ਨੂੰ ਮਜ਼ਬੂਤ ਕੀਤਾ ਗਿਆ ਅਤੇ ਲੋਕਾਂ ਨੇ ਉਨ੍ਹਾਂ ਦੀ ਨਿਸ਼ਠਾ ਅਤੇ ਮਿਹਨਤ ਨੂੰ ਦੇਖਦਿਆਂ ਉਨ੍ਹਾਂ ਨੂੰ ਕਾਮਯਾਬ ਕੀਤਾ ਸੀ। ਉਨ੍ਹਾਂ ਨੇ ਆਗਾਹ ਕੀਤਾ ਕਿ ਇਸੇ ਤਰ੍ਹਾਂ ਮਿਹਨਤ ਜਾਰੀ ਰੱਖੀ ਜਾਵੇ, ਲੋਕ ਆਉਣ ਵਾਲੇ ਸਮੇਂ ਵਿੱਚ ਜਰੂਰ ਫਤਹ ਬਖ਼ਸ਼ਣਗੇ।
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦਾ ਸਮਾਂ ਹੁਣ ਜ਼ਿਆਦਾ ਨਹੀਂ ਬਚਿਆ ਅਤੇ ਆਉਣ ਵਾਲੇ ਸਮੇਂ ਵਿੱਚ ਭਾਜਪਾ ਦੇ ਉਮੀਦਵਾਰ ਹੀ ਵਾਰਡਾਂ ਵਿੱਚ ਵਿਕਾਸ ਦੇ ਕੰਮ ਅੱਗੇ ਵਧਾਉਣਗੇ। ਉਨ੍ਹਾਂ ਨੇ ਮੋਗਾ ਦੇ ਸਾਰੇ ਵੋਟਰਾਂ ਦਾ ਦੁਬਾਰਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੂੰ ਮਿਲੇ ਸਹਿਯੋਗ ਨਾਲ ਭਾਜਪਾ ਹੋਰ ਜੋਸ਼ ਨਾਲ ਅੱਗੇ ਵਧੇਗੀ ਅਤੇ ਜਨ ਸੰਪਰਕ ਹੋਰ ਤੇਜ਼ ਕੀਤਾ ਜਾਵੇਗਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਵੇਂ ਇਹ ਨਤੀਜੇ ਪਾਰਟੀ ਦੀ ਉਮੀਦਾਂ ਤੋਂ ਘੱਟ ਰਹੇ ਹਨ, ਪਰ ਇਹ ਵੀ ਜਿਕਰਯੋਗ ਹੈ ਕਿ ਕਈ ਮਜ਼ਬੂਤ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਹਿਲਾਂ ਹੀ ਰੱਦ ਕਰ ਦਿੱਤੇ ਗਏ ਸਨ। ਇਸ ਤੋਂ ਇਲਾਵਾ ਨਤੀਜਿਆਂ ਦੌਰਾਨ ਵੀ ਸੱਤਾ ਦੇ ਦਬਾਅ ਦੇ ਆਰੋਪ ਸਾਹਮਣੇ ਆਏ, ਜਿਸ ਕਾਰਨ ਕੁਝ ਸੀਟਾਂ ’ਤੇ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

